ਏਸਪੇਰਾਂਤੋ ਭਾਸ਼ਾ ਦੇ ਅੰਤਰਰਾਸ਼ਟਰੀ ਅੰਦੋਲਨ ਦਾ ਪ੍ਰਾਗ ਇਸ਼ਤਿਹਾਰ
Lasta ŝanĝo: 2010.02.07
ਏਸਪੇਰਾਂਤੋ ਦੀ ਤਰੱਕ਼ੀ ਲੋਚਣ ਵਾਲੇ ਅਸੀਂ ਲੋਕ ਇਹ ਇਸ਼ਤਿਹਾਰ ਸਭ ਸਰਕਾਰਾਂ, ਅੰਤਰਰਾਸ਼ਟਰੀ ਸੰਸਥਾਵਾਂ, ਹੋਰ ਸੱਜਣਾਂ ਦੇ ਨਾਮ ਦੇ ਰਹੇ ਹਾਂ; ਇੱਥੇ ਦਿੱਤੇ ਗਏ ਉਦੇਸ਼ਾਂ ਦੇ ਵੱਲ ਦ੍ਰਿੜ ਨਿਸ਼ਚੇ ਤੋਂ ਕੰਮ ਕਰਨ ਦੀ ਘੋਸ਼ਣਾ ਕਰ ਰਹੇ ਹਾਂ; ਅਤੇ ਸਭ ਸੰਸਥਾਵਾਂ ਅਤੇ ਲੋਕਾਂ ਨੂੰ ਸਾਡੀ ਕੋਸ਼ਿਸ਼ ਵਿੱਚ ਜੁਟਣ ਦਾ ਸੱਦਾ ਦੇ ਰਹੇ ਹਾਂ।
ਏਸਪੇਰਾਂਤੋ–ਜਿਸਦਾ ਆਗਾਜ਼ ੧੮੮੭ ਵਿੱਚ ਅੰਤਰਰਾਸ਼ਟਰੀ ਸੰਚਾਰ ਲਈ ਇੱਕ ਸਹਾਇਕ ਭਾਸ਼ਾ ਦੇ ਰੂਪ ਵਿੱਚ ਹੋਇਆ ਸੀ, ਅਤੇ ਜੋ ਜਲਦੀ ਹੀ ਆਪਣੇ ਆਪ ਵਿੱਚ ਇੱਕ ਜਿਉਂਦੀ ਜਾਗਦੀ ਜ਼ਬਾਨ ਬਣ ਗਈ–ਪਿਛਲੀ ਇੱਕ ਸ਼ਤਾਬਦੀ ਤੋਂ ਲੋਕਾਂ ਨੂੰ ਭਾਸ਼ਾ ਅਤੇ ਸੰਸਕ੍ਰਿਤੀ ਦੀਆਂ ਦੀਵਾਰਾਂ ਨੂੰ ਪਾਰ ਕਰਾਉਣ ਦਾ ਕੰਮ ਕਰ ਰਹੀ ਹੈ। ਜਿਨ੍ਹਾਂ ਉਦੇਸ਼ਾਂ ਤੋਂ ਏਸਪੇਰਾਂਤੋ ਬੋਲਣ ਵਾਲੇ ਪ੍ਰੇਰਿਤ ਹੁੰਦੇ ਆਏ ਹਨ, ਉਹ ਉਦੇਸ਼ ਅੱਜ ਵੀ ਓਨੇ ਹੀ ਮਹੱਤਵਪੂਰਣ ਅਤੇ ਸਾਰਥਕ ਹਨ। ਨਾ ਦੁਨੀਆ ਭਰ ਵਿੱਚ ਕੁੱਝ ਹੀ ਰਾਸ਼ਟਰੀ ਭਾਸ਼ਾਵਾਂ ਦੇ ਇਸਤੇਮਾਲ ਹੋਣ ਤੋਂ, ਨਾ ਸੰਚਾਰ ਦੀਆਂ ਤਕਨੀਕਾਂ ਵਿੱਚ ਤਰੱਕ਼ੀ ਤੋਂ, ਨਾ ਹੀ ਭਾਸ਼ਾ ਸਿਖਾਉਣ ਦੇ ਨਵੇਂ ਤੌਰ-ਤਰੀਕਿਆਂ ਤੋਂ, ਇਹ ਹੇਠ ਲਿਖੇ ਮੂਲ ਯਥਾਰਤ ਹੋ ਪਾਉਣਗੇ ਜਿਨ੍ਹਾਂ ਨੂੰ ਅਸੀਂ ਸੱਚੀ ਅਤੇ ਸਾਧਕ ਭਾਸ਼ਾ ਪ੍ਰਣਾਲੀ ਲਈ ਲਾਜ਼ਮੀ ਮੰਨਦੇ ਹਾਂ।۔
ਲੋਕਤੰਤਰ
ਅਜਿਹੀ ਸੰਚਾਰ-ਪ੍ਰਣਾਲੀ ਜੋ ਕਿਸੇ ਇੱਕ ਨੂੰ ਖਾਸ ਫ਼ਾਇਦਾ ਪ੍ਰਦਾਨ ਕਰਦੇ ਹੋਏ ਹੋਰਾਂ ਤੋਂ ਇਹ ਚਾਹੇ ਕਿ ਉਹ ਸਾਲਾਂ ਭਰ ਦੀ ਕੋਸ਼ਿਸ਼ ਕਰਨ ਤੇ ਉਹ ਵੀ ਇੱਕ ਮਾਮੂਲੀ ਕ਼ਾਬਲੀਅਤ ਪ੍ਰਾਪਤ ਕਰਨ ਦੇ ਲਈ, ਅਜਿਹੀ ਪ੍ਰਣਾਲੀ ਬੁਨਿਆਦੀ ਤੌਰ ਤੇ ਅਲੋਕਤਾਂਤਰਿਕ ਹੈ। ਹਾਲਾਂਕਿ ਏਸਪੇਰਾਂਤੋ, ਹੋਰ ਜ਼ਬਾਨਾਂ ਦੀ ਤਰ੍ਹਾਂ ਹੀ, ਹਰ ਮਾਅਨੇ ਵਿੱਚ ਪਰਿਪੂਰਣ ਨਹੀਂ, ਤੇ ਵਿਸ਼ਵਵਿਆਪਕ ਸਮਾਨਤਾ-ਸਾਰ ਸੰਚਾਰ ਦੇ ਲਈ, ਏਸਪੇਰਾਂਤੋ ਬਾਕ਼ੀ ਭਾਸ਼ਾਵਾਂ ਤੋਂ ਕਿਤੇ ਬਿਹਤਰ ਹੈ।
ਅਸੀਂ ਮੰਨਦੇ ਹਾਂ ਕਿ ਭਾਸ਼ਾ ਅਸੱਮਤਾ ਸੰਚਾਰ ਅਸੱਮਤਾ ਨੂੰ ਹਰ ਪੱਧਰ ਤੇ ਪੈਦਾ ਕਰਦੀ ਹੈ, ਅੰਤਰਰਾਸ਼ਟਰੀ ਪੱਧਰ ਤੇ ਵੀ। ਸਾਡਾ ਅੰਦੋਲਨ ਲੋਕਤਾਂਤਰਿਕ ਸੰਚਾਰ ਦਾ ਅੰਦੋਲਨ ਹੈ।
ਵਿਸ਼ਵਵਿਆਪੀ ਵਿਦਿਆ
ਹਰ ਜਾਤੀ ਭਾਸ਼ਾ ਕਿਸੇ ਨਾ ਕਿਸੇ ਸੰਸਕ੍ਰਿਤੀ ਅਤੇ ਦੇਸ਼ ਨਾਲ ਮਿਲੀ-ਜੁੜੀ ਹੋਈ ਹੈ। ਮਿਸਾਲ ਦੇ ਤੌਰ ਤੇ, ਅੰਗਰੇਜ਼ੀ ਸਿੱਖਦਾ ਵਿਦਿਆਰਥੀ ਦੁਨੀਆ ਦੇ ਅੰਗਰੇਜ਼ੀ ਬੋਲਣ ਵਾਲੇ ਦੇਸ਼ਾਂ ਦੇ ਬਾਰੇ ਵਿੱਚ ਸਿੱਖਦਾ ਹੈ–ਖਾਸ ਕਰ, ਅਮਰੀਕਾ ਤੇ ਇੰਗਲੈਂਡ ਦੇ ਬਾਰੇ ਵਿੱਚ। ਏਸਪੇਰਾਂਤੋ ਸਿੱਖਣ ਵਾਲਾ ਵਿਦਿਆਰਥੀ ਇੱਕ ਅਜਿਹੀ ਦੁਨੀਆ ਦੇ ਬਾਰੇ ਵਿੱਚ ਸਿੱਖਦਾ ਹੈ ਜਿਸ ਵਿੱਚ ਸੀਮਾਵਾਂ ਨਹੀਂ ਹਨ, ਜਿੱਥੇ ਹਰ ਦੇਸ਼ ਘਰ ਹੈ।
ਸਾਡੀ ਮਤ ਹੈ ਕਿ ਹਰ ਭਾਸ਼ਾ ਵਿੱਚ ਦਿੱਤੀ ਗਈ ਵਿਦਿਆ ਕਿਸੇ ਨਾ ਕਿਸੇ ਦ੍ਰਿਸ਼ਟੀਕੋਣ ਨਾਲ ਜੁੜੀ ਹੋਈ ਹੈ। ਸਾਡਾ ਅੰਦੋਲਨ ਵਿਸ਼ਵਵਿਆਪੀ ਵਿਦਿਆ ਦਾ ਅੰਦੋਲਨ ਹੈ।
ਪ੍ਰਭਾਵਸ਼ੀਲ ਵਿਦਿਆ
ਵਿਦੇਸ਼ੀ ਭਾਸ਼ਾ ਸਿੱਖਣ ਵਾਲਿਆਂ ਵਿੱਚ ਕੁੱਝ ਫ਼ੀਸਦੀ ਹੀ ਵਿਦੇਸ਼ੀ ਭਾਸ਼ਾ ਵਿੱਚ ਰਵਾਨੀ ਹਾਸਲ ਕਰ ਪਾਉਂਦੇ ਹਨ। ਏਸਪੇਰਾਂਤੋ ਵਿੱਚ ਰਵਾਨੀ ਘਰ ਬੈਠ ਕੇ ਪੜ੍ਹਾਈ ਨਾਲ ਵੀ ਸੰਭਵ ਹੈ। ਕਈ ਸ਼ੋਧ-ਪੱਤਰਾਂ ਵਿੱਚ ਸਾਬਤ ਕੀਤਾ ਗਿਆ ਹੈ ਕਿ ਏਸਪੇਰਾਂਤੋ ਸਿੱਖਣ ਨਾਲ ਹੋਰ ਭਾਸ਼ਾਵਾਂ ਸਿੱਖਣੀਆਂ ਸੌਖੀਆਂ ਹੋ ਜਾਂਦੀਆਂ ਹਨ। ਇਹ ਵੀ ਯੋਗ ਸਮਝਿਆ ਗਿਆ ਹੈ ਕਿ ਭਾਸ਼ਾ-ਚੇਤਨਾ ਦੇ ਕੋਰਸਾਂ ਦੀ ਬੁਨਿਆਦ ਵਿੱਚ ਹੀ ਏਸਪੇਰਾਂਤੋ ਸਮਿਲਿਤ ਹੋਣੀ ਚਾਹੀਦੀ ਹੈ।
ਸਾਡੀ ਮਤ ਹੈ ਕਿ ਜਿਨ੍ਹਾਂ ਵਿਦਿਆਰਥੀਆਂ ਨੂੰ ਦੂਜੀ ਭਾਸ਼ਾ ਸਿੱਖਣ ਤੋਂ ਫ਼ਾਇਦਾ ਹੋ ਸਕਦਾ ਹੈ, ਉਨ੍ਹਾਂ ਵਿਦਿਆਰਥੀਆਂ ਲਈ ਵਿਦੇਸ਼ੀ ਭਾਸ਼ਾਵਾਂ ਸਿੱਖਣ ਦੀਆਂ ਕਠਿਨਾਈਆਂ ਹਮੇਸ਼ਾ ਇੱਕ ਦੀਵਾਰ ਬਣ ਕੇ ਖੜੀਆਂ ਰਹਿਣ ਗੀਆਂ। ਸਾਡਾ ਅੰਦੋਲਨ ਪ੍ਰਭਾਵਸ਼ੀਲ ਭਾਸ਼ਾਗ੍ਰਹਿਣ ਦਾ ਅੰਦੋਲਨ ਹੈ।
ਬਹੁਭਾਸ਼ਿਅਤਾ
ਏਸਪੇਰਾਂਤੋ ਭਾਈਚਾਰਾ ਉਨ੍ਹਾਂ ਗਿਣੇ-ਚੁਣੇ ਵਿਸ਼ਵਵਿਆਪੀ ਭਾਈਚਾਰਿਆਂ ਵਿੱਚੋਂ ਹੈ ਜਿਨ੍ਹਾਂ ਦਾ ਹਰ ਮੈਂਬਰ ਦੁਭਾਸ਼ੀ ਜਾਂ ਬਹੁ-ਭਾਸ਼ੀ ਹੈ। ਇਸ ਭਾਈਚਾਰੇ ਦੇ ਹਰ ਮੈਂਬਰ ਨੇ ਘੱਟ ਤੋਂ ਘੱਟ ਇੱਕ ਵਿਦੇਸ਼ੀ ਭਾਸ਼ਾ ਨੂੰ ਬੋਲ-ਚਾਲ ਦੀ ਪੱਧਰ ਤੱਕ ਸਿੱਖਣ ਦੀ ਕੋਸ਼ਿਸ਼ ਕੀਤੀ ਹੈ। ਕਈ ਵਾਰ ਇਸ ਕਾਰਨ ਅਨੇਕ ਭਾਸ਼ਾਵਾਂ ਦਾ ਗਿਆਨ ਅਤੇ ਅਨੇਕ ਭਾਸ਼ਾਵਾਂ ਦੇ ਪ੍ਰਤੀ ਪ੍ਰੇਮ ਪੈਦਾ ਹੋਇਆ ਹੈ–ਨਿਜੀ ਦਿਸਹੱਦਾਂ ਵਿੱਚ ਵਾਧਾ ਹੋਇਆ ਹੈ।
ਅਸੀਂ ਮੰਨਦੇ ਹਾਂ ਕਿ ਹਰ ਮਨੁੱਖ ਨੂੰ ਚਾਹੇ ਉਹ ਛੋਟੀ ਜ਼ਬਾਨ ਬੋਲਣ ਵਾਲਾ ਹੋਵੇ, ਜਾਂ ਵੱਡੀ — ਇੱਕ ਦੂਜੀ ਜ਼ਬਾਨ ਉੱਚ ਪੱਧਰ ਤੱਕ ਸਿੱਖਣ ਦਾ ਮੌਕ਼ਾ ਮਿਲਣਾ ਚਾਹੀਦਾ ਹੈ। ਸਾਡਾ ਅੰਦੋਲਨ ਉਹ ਮੌਕ਼ਾ ਹਰ ਇੱਕ ਨੂੰ ਦਿੰਦਾ ਹੈ।
ਭਾਸ਼ਾ – ਅਧਿਕਾਰ
ਭਾਸ਼ਾਵਾਂ ਦੀਆਂ ਤਾਕਤਾਂ ਦੀ ਅਸਮਾਨ ਵੰਡ ਦੁਨੀਆ ਵਿੱਚ ਜ਼ਿਆਦਾਤਰ ਲੋਕਾਂ ਵਿੱਚ ਭਾਸ਼ਾ ਅਸੁਰੱਖਿਆ ਪੈਦਾ ਕਰਦੀ ਹੈ, ਜਾਂ ਫਿਰ ਇਹ ਅਸਮਾਨਤਾ ਖੁੱਲੇ ਆਮ ਭਾਸ਼ਾ ਜ਼ੁਲਮ ਦਾ ਰੂਪ ਲੈਂਦੀ ਹੈ। ਏਸਪੇਰਾਂਤੋ ਭਾਈਚਾਰੇ ਦਾ ਹਰ ਮੈਂਬਰ, ਚਾਹੇ ਉਹ ਤਾਕਤਵਰ ਜ਼ਬਾਨ ਦਾ ਬੋਲਣ ਵਾਲਾ ਹੋਵੇ, ਜਾਂ ਬਲਹੀਣ, ਇੱਕ ਸਮਾਨ, ਇੱਕ ਪੱਧਰ ਤੇ ਹਰ ਦੂੱਜੇ ਮੈਂਬਰ ਨੂੰ ਮਿਲਦਾ ਹੈ, ਸਮਝੌਤਾ ਕਰਨ ਲਈ ਤਿਆਰ। ਭਾਸ਼ਾ ਅਧਿਕਾਰਾਂ ਅਤੇ ਹੋਰ ਜ਼ਿੰਮੇਵਾਰੀਆਂ ਦਾ ਇਹ ਸੰਤੁਲਨ, ਹੋਰ ਭਾਸ਼ਾ ਅਸਮਾਨਤਾਵਾਂ ਅਤੇ ਸੰਘਰਸ਼ਾਂ ਦੀ ਕਸੌਟੀ ਹੈ।
ਭਾਸ਼ਾ ਜਿਹੜੀ ਵੀ ਹੋਵੇ, ਵਰਤਣ ਇੱਕ ਹੀ ਹੋਵੇਗਾ, ਅਸੀਂ ਮੰਨਦੇ ਹਾਂ ਕਿ ਕਈ ਅੰਤਰਰਾਸ਼ਟਰੀ ਸਮਝੌਤਿਆਂ ਵਿੱਚ ਦਰਸ਼ਾਇਆ ਗਿਆ ਇਹ ਸਿੱਧਾਂਤ, ਭਾਸ਼ਾਵਾਂ ਦੀ ਤਾਕ਼ਤ ਵਿੱਚ ਅਸਮਾਨਤਾਵਾਂ ਦੇ ਕਾਰਨ ਨਸਾਰਥਕ ਬਣ ਰਿਹਾ ਹੈ। ਸਾਡਾ ਅੰਦੋਲਨ ਭਾਸ਼ਾ – ਅਧਿਕਾਰਾਂ ਦਾ ਅੰਦੋਲਨ ਹੈ।
ਭਾਸ਼ਾ ਅਨੇਕਤਾ
ਸਰਕਾਰਾਂ ਦੁਨੀਆ ਦੀ ਵਿਸ਼ਾਲ ਭਾਸ਼ਾ ਅਨੇਕਤਾ ਨੂੰ ਸੰਚਾਰ ਅਤੇ ਤਰੱਕ਼ੀ ਦੇ ਰਸਤੇ ਵਿੱਚ ਇੱਕ ਦੀਵਾਰ ਮੰਨਦੀਆਂ ਹਨ। ਪਰ ਏਸਪੇਰਾਂਤੋ ਭਾਈਚਾਰਾ ਭਾਸ਼ਾ ਅਨੇਕਤਾ ਨੂੰ ਇੱਕ ਲਾਜ਼ਮ ਅਤੇ ਲਗਾਤਾਰ ਧਨ ਦੇ ਰੂਪ ਵਿੱਚ ਵੇਖਦਾ ਹੈ। ਇਸ ਕਾਰਨ, ਹਰ ਭਾਸ਼ਾ, ਹਰ ਪ੍ਰਕਾਰ ਦੇ ਜੀਵ-ਜੰਤੂ ਦੀ ਤਰ੍ਹਾਂ, ਸਹਾਇਤਾ ਅਤੇ ਸੁਰੱਖਿਆ ਦੇ ਲਾਇਕ ਹੈ।
ਸਾਡੀ ਮਤ ਹੈ ਕਿ ਸੰਚਾਰ ਅਤੇ ਵਿਕਾਸ ਦੀਆਂ ਨੀਤੀਆਂ ਜੋ ਸਭ ਜ਼ਬਾਨਾਂ ਦੇ ਸਨਮਾਨ ਅਤੇ ਸਹਾਇਤਾ ਤੇ ਆਧਾਰਿਤ ਨਹੀਂ, ਉਹ ਨੀਤੀਆਂ ਦੁਨੀਆ ਦੀਆਂ ਜ਼ਿਆਦਾਤਰ ਭਾਸ਼ਾਵਾਂ ਲਈ ਸਜ਼ਾ-ਏ-ਮੌਤ ਸਾਬਤ ਹੋਣਗੀਆਂ। ਸਾਡਾ ਅੰਦੋਲਨ ਭਾਸ਼ਾ ਅਨੇਕਤਾ ਦਾ ਅੰਦੋਲਨ ਹੈ।
ਮਨੁੱਖ ਬੰਧਨਮੁਕਤੀ
ਹਰ ਜ਼ਬਾਨ ਉਸਦੇ ਬੋਲਣ ਵਾਲਿਆਂ ਨੂੰ ਕ਼ੈਦ ਅਤੇ ਰਿਹਾ ਦੋਵੇਂ ਕਰਦੀ ਹੈ, ਉਨ੍ਹਾਂ ਨੂੰ ਇੱਕ ਦੂੱਜੇ ਨਾਲ ਗੱਲ ਕਰਨ ਦੀ ਸਮਰੱਥਾ ਦਿੰਦੀ ਹੈ ਪਰ ਹੋਰਨਾਂ ਨਾਲ ਸੰਚਾਰ ਦੇ ਰਸਤੇ ਬੰਦ ਕਰਦੀ ਹੈ। ਵਿਸ਼ਵਵਿਆਪਕ ਸੰਚਾਰ ਦੇ ਉਦੇਸ਼ ਤੇ ਤਿਆਰ ਕੀਤੀ ਗਈ ਏਸਪੇਰਾਂਤੋ, ਮਨੁੱਖ ਬੰਧਨਮੁਕਤੀ ਨੂੰ ਸਾਰਥਕ ਬਣਾਉਣ ਦੀ ਇੱਕ ਅਹਿਮ ਯੋਜਨਾ ਹੈ–ਇੱਕ ਅਜਿਹੀ ਯੋਜਨਾ ਜਿਸਦੇ ਨਾਲ ਹਰ ਮਨੁੱਖ ਮਾਨਵ ਜਾਤੀ ਵਿੱਚ ਪੂਰੀ ਤਰ੍ਹਾਂ ਭਾਗ ਲੈ ਸਕਦਾ ਹੈ, ਆਪਣੀ ਮਕ਼ਾਮੀ ਸੰਸਕ੍ਰਿਤੀ ਅਤੇ ਜ਼ਬਾਨੀ ਪਹਿਚਾਣ ਵਿੱਚ ਵਸੇ ਹੋਏ, ਪਰ ਉਨ੍ਹਾਂ ਤੱਕ ਸੀਮਿਤ ਨਹੀਂ।
ਅਸੀਂ ਮੰਨਦੇ ਹਾਂ ਕਿ ਕੇਵਲ ਜਾਤੀ ਭਾਸ਼ਾਵਾਂ ਤੇ ਆਧਾਰਿਤ ਰਹਿਣਾ ਪਰਕਾਸ਼ਨ, ਸੰਚਾਰ, ਅਤੇ ਸੰਘਠਨ ਦੀ ਅਜ਼ਾਦੀ ਵਿੱਚ ਜ਼ਰੂਰ ਹੀ ਅੜਚਨਾਂ ਪੈਦਾ ਕਰਦੀ ਹੈ। ਸਾਡਾ ਅੰਦੋਲਨ ਮਨੁੱਖ ਬੰਧਨਮੁਕਤੀ ਦਾ ਅੰਦੋਲਨ ਹੈ।
ਪ੍ਰਾਗ, ਜੁਲਾਈ ੧੯੯੬
Manifesto de Prago pri la internacia lingvo Esperanto
Panĝabigita de Muhammad Zubair (muhammadzubair1974@gmail.com), Lahoro, Pakistano
Reviziita de Gurdit Singh, Usono
Hejmo : Eventoj : La Praga Manifesto : Mapo : Projektoj : Novaĵoj : Pri ni
Resondado: La Praga Manifesto | Federacio Esperanto de Barato